ਗੁ. ਬਾਬਾ ਜੀਵਨ ਸਿੰਘ ਜੀ ਪਿੰਡ ਹਾਂਸ ਕਲਾਂ ਵਿਖੇ ਸ਼ਹੀਦੀ ਦਿਹਾੜਾ ਮਨਾਇਆ
ਵਿਧਾਇਕ ਇਆਲੀ ਨੇ ਗੁਰੂਘਰ ਦੇ ਨਿਰਮਾਣ ਕਾਰਜ ਲਈ 51 ਹਜ਼ਾਰ ਰੁਪਏ ਦੀ ਸੇਵਾ ਦਿੱਤੀ
ਮੁੱਲਾਂਪੁਰ ਦਾਖਾ, 22 ਦਸੰਬਰ()— ਸ਼੍ਰੋਮਣੀ ਸ਼ਹੀਦ ਭਾਈ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾਡ਼ੇ ਨੂੰ ਸਮਰਪਤ ਪਿੰਡ ਹਾਂਸ ਕਲਾਂ ਦੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਵਿਸ਼ੇਸ਼ ਧਾਰਮਕ ਸਮਾਗਮ ਕਰਵਾਇਆ ਗਿਆ। ਇਸ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਕੀਰਤਨੀ ਜਥਿਆਂ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਜੀਵਨ ਸਿੰਘ(ਭਾਈ ਜੈਤਾ ਜੀ) ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਹੈ, ਉਨ੍ਹਾਂ ਉਸ ਸਮੇਂ ਦੀ ਜ਼ਾਲਮ ਹਕੂਮਤ ਦੀ ਪਰਵਾਹ ਨਾ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਚਾਂਦਨੀ ਚੌਂਕ ਦਿੱਲੀ ਤੋਂ ਲਿਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਭੇੰਟ ਕੀਤਾ ਸੀ। ਜਿਸ ‘ਤੇ ਗੁਰੂ ਸਾਹਿਬ ਜੀ ਨੇ ਖ਼ੁਸ਼ ਹੋ ਕੇ ਉਨ੍ਹਾਂ ਨੂੰ ਆਪਣੇ ਗਲ ਨਾਲ ਲਾ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਦੇ ਖ਼ਿਤਾਬ ਨਾਲ ਨਵਾਜ਼ਿਆ ਸੀ, ਸਾਨੂੰ ਉਨ੍ਹਾਂ ਦੀ ਜੀਵਨੀ ਤੋਂ ਪ੍ਰੇਰਨਾ ਲੈ ਕੇ ਧਰਮ, ਕੌਮ ਦੀ ਬਿਹਤਰੀ ਲਈ ਯੋਗਦਾਨ ਪਾਉਣਾ ਚਾਹੀਦਾ। ਇਸ ਮੌਕੇ ਵਿਧਾਇਕ ਇਆਲੀ ਨੇ ਗੁਰਦੁਆਰਾ ਸਾਹਿਬ ਵਿਖੇ ਨਿਰਮਾਣ ਕਾਰਜਾਂ ਲਈ ਆਪਣੇ ਕੋਲੋਂ 51 ਹਜ਼ਾਰ ਰੁਪਏ ਦੀ ਸੇਵਾ ਕਰਵਾਈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਅਤੇ ਦੱਸਿਆ ਕਿ ਵਿਧਾਇਕ ਇਆਲੀ ਵੱਲੋਂ ਪਹਿਲਾਂ ਵੀ ਗੁਰਦੁਆਰਾ ਸਾਹਿਬ ਦ ਨਿਰਮਾਣ ਕਾਰਜ ਵਿੱਚ ਆਰਥਿਕ ਸਹਿਯੋਗ ਦਿੱਤਾ ਗਿਆ, ਸਗੋਂ ਸ਼ੁਰੂ ਤੋਂ ਇਆਲੀ ਪਰਵਾਰ ਧਾਰਮਿਕ ਤੇ ਸਮਾਜਿਕ ਕਾਰਜਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਂਦਾ ਆ ਰਿਹਾ ਹੈ। ਗੁਰੂ ਸਾਹਿਬ ਇਆਲੀ ਪਰਵਾਰ ‘ਤੇ ਆਪਣੀ ਕਿਰਪਾ ਇਸੇ ਤਰ੍ਹਾਂ ਬਣਾਈ ਰੱਖਣ।ਇਸ ਮੌਕੇ ਪ੍ਰਧਾਨ ਬਲਵੰਤ ਸਿੰਘ, ਛਿੰਦਰਪਾਲ ਸਿੰਘ, ਕੁਲਵੰਤ ਸਿੰਘ ਗ੍ਰੰਥੀ ਹਰਜਿੰਦਰ ਸਿੰਘ, ਬਲਵੰਤ ਸਿੰਘ, ਤੇਜਾ ਸਿੰਘ, ਗਿਆਨ ਸਿੰਘ, ਜਗਪਾਲ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ, ਜਥੇਦਾਰ ਸੁਖਚੈਨ ਸਿੰਘ, ਅਜੈਪਾਲ ਸਿੰਘ ਪ੍ਰਧਾਨ, ਲਛਮਣ ਸਿੰਘ, ਮਨਜੀਤ ਸਿੰਘ, ਜੋਗਿੰਦਰ ਸਿੰਘ ਪੰਚ ਹਰਨੇਕ ਸਿੰਘ, ਬਲਜੀਤ ਸਿੰਘ, ਜਗਪਾਲ ਸਿੰਘ, ਸੁਰਜੀਤ ਸਿੰਘ, ਕੇਵਲ ਸਿੰਘ, ਪੀਤਾ, ਹਰਮਨ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ, ਪੰਚ ਮਹਿੰਦਰ ਸਿੰਘ ਸਮੇਤ ਸਮੂਹ ਨਗਰ ਨਿਵਾਸੀ ਹਾਜ਼ਰ ਸਨ।